ਜ਼ਕਰਯਾਹ
ਲੇਖਕ
ਜ਼ਕਰਯਾਹ 1:1 ਪੁਸਤਕ ਦੇ ਲੇਖਕ ਦੀ ਪਛਾਣ ਨਬੀ ਜ਼ਕਰਯਾਹ, ਬਰਕਯਾਹ ਦੇ ਪੁੱਤਰ ਅਤੇ ਇੱਦੋ ਦੇ ਪੋਤੇ ਦੇ ਰੂਪ ਵਿੱਚ ਕਰਦੀ ਹੈ। ਇੱਦੋ ਗੁਲਾਮੀ ਵਿੱਚੋਂ ਵਾਪਸ ਆਏ ਜਾਜਕਾਂ ਦੇ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਦਾ ਮੁਖੀਆ ਸੀ (ਨਹਮਯਾਹ 12:4, 16)। ਜ਼ਕਰਯਾਹ ਸ਼ਾਇਦ ਇੱਕ ਛੋਟਾ ਮੁੰਡਾ ਹੀ ਸੀ ਜਦ ਉਸ ਦਾ ਪਰਿਵਾਰ ਯਰੂਸ਼ਲਮ ਵਾਪਸ ਮੁੜਿਆ ਸੀ। ਆਪਣੀ ਪਰਿਵਾਰਕ ਕੜੀ ਦੇ ਕਾਰਨ, ਜ਼ਕਰਯਾਹ ਇੱਕ ਨਬੀ ਹੋਣ ਦੇ ਨਾਲ-ਨਾਲ ਇੱਕ ਜਾਜਕ ਵੀ ਸੀ। ਇਸ ਲਈ, ਉਹ ਯਹੂਦੀਆਂ ਦੀ ਅਰਾਧਨਾ ਪ੍ਰਣਾਲੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਭਾਵੇਂ ਉਸ ਨੇ ਕਦੇ ਕਿਸੇ ਪੂਰੇ ਮੰਦਰ ਵਿੱਚ ਸੇਵਾ ਨਹੀਂ ਕੀਤੀ ਸੀ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 520-480 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਹ ਪੁਸਤਕ ਬਾਬਲ ਵਿੱਚੋਂ ਗੁਲਾਮੀ (ਕੈਦ) ਤੋਂ ਵਾਪਸ ਆਉਣ ਦੇ ਬਾਅਦ ਲਿਖੀ ਗਈ। ਜ਼ਕਰਯਾਹ ਨਬੀ ਨੇ ਅਧਿਆਏ 1-8 ਮੰਦਰ ਬਣਨ ਤੋਂ ਪਹਿਲਾਂ, ਅਤੇ ਫਿਰ ਅਧਿਆਏ 9-14 ਮੰਦਰ ਦੇ ਬਣਨ ਤੋਂ ਬਾਅਦ ਲਿਖੇ ਸਨ।
ਪ੍ਰਾਪਤ ਕਰਤਾ
ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕ ਅਤੇ ਉਹ ਜੋ ਗੁਲਾਮੀ ਤੋਂ ਵਾਪਸ ਮੁੜ ਆਏ ਸਨ।
ਉਦੇਸ਼
ਜ਼ਕਰਯਾਹ ਦਾ ਬਾਕੀ ਬਚੇ ਲੋਕਾਂ ਨੂੰ ਲਿਖਣ ਦਾ ਉਦੇਸ਼ ਉਨ੍ਹਾਂ ਨੂੰ ਆਸ ਅਤੇ ਸਮਝ ਪ੍ਰਦਾਨ ਕਰਨਾ ਸੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਸੀ ਕਿ ਆਪਣੇ ਆਉਣ ਵਾਲੇ ਮਸੀਹ ਵੱਲ ਵੇਖਣ, ਜੋ ਮਸੀਹ ਯਿਸੂ ਹੈ। ਜ਼ਕਰਯਾਹ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਸਿਖਾਉਣ, ਚੇਤਾਵਨੀ ਦੇਣ ਅਤੇ ਆਪਣੇ ਲੋਕਾਂ ਨੂੰ ਠੀਕ ਕਰਨ ਲਈ ਨਬੀਆਂ ਦਾ ਇਸਤੇਮਾਲ ਕੀਤਾ। ਬਦਕਿਸਮਤੀ ਨਾਲ, ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਪਾਪ ਨੇ ਪਰਮੇਸ਼ੁਰ ਦੀ ਸਜ਼ਾ ਲਿਆਂਦੀ। ਇਹ ਪੁਸਤਕ ਇਸ ਗੱਲ ਦਾ ਸਬੂਤ ਵੀ ਦਿੰਦੀ ਹੈ ਕਿ ਭਵਿੱਖਬਾਣੀ ਵੀ ਗਲਤ ਹੋ ਸਕਦੀ ਹੈ।
ਵਿਸ਼ਾ-ਵਸਤੂ
ਪਰਮੇਸ਼ੁਰ ਦਾ ਛੁਟਕਾਰਾ
ਰੂਪ-ਰੇਖਾ
1. ਤੋਬਾ ਲਈ ਬੁਲਾਹਟ — 1:1-6
2. ਜ਼ਕਰਯਾਹ ਦੇ ਦਰਸ਼ਣ — 1:7-6:15
3. ਵਰਤ ਨਾਲ ਸੰਬੰਧਿਤ ਪ੍ਰਸ਼ਨ — 7:1-8:23
4. ਭਵਿੱਖ ਬਾਰੇ ਚਿੰਤਾ — 9:1-14:21