Bible Punjabi
Verse: JUD.intro.0

ਯਹੂਦਾਹ ਦੀ ਪੱਤ੍ਰੀ

ਲੇਖਕ

ਲੇਖਕ ਆਪਣੀ ਪਛਾਣ “ਯਹੂਦਾਹ, ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ” (1:1) ਕਰਕੇ ਦਿੰਦਾ ਹੈ। ਇਹ ਯਹੂਦਾਹ ਸ਼ਾਇਦ ਉਹ ਸੀ, ਜਿਸ ਨੂੰ ਯੂਹੰਨਾ 14:22 ਵਿੱਚ “ਯਹੂਦਾਹ“ ਦਾ ਨਾਮ ਨਾਲ ਸੱਦਿਆ ਗਿਆ ਹੈ, ਜੋ ਕਿ ਉਸ ਦੇ ਰਸੂਲਾਂ ਵਿੱਚੋਂ ਇੱਕ ਸੀ। ਉਸ ਨੂੰ ਆਮ ਤੌਰ ਤੇ ਯਿਸੂ ਦਾ ਭਰਾ ਵੀ ਮੰਨਿਆ ਜਾਂਦਾ ਹੈ। ਉਹ ਪਹਿਲਾਂ ਅਵਿਸ਼ਵਾਸੀ ਸੀ (ਯੂਹੰਨਾ 7:5), ਪਰ ਯਿਸੂ ਦੇ ਸਵਰਗ ਵਾਪਸ ਜਾਣ ਤੋਂ ਬਾਅਦ ਉਸ ਨੂੰ ਆਪਣੀ ਮਾਤਾ ਅਤੇ ਬਾਕੀ ਚੇਲਿਆਂ ਦੇ ਨਾਲ ਉੱਪਰਲੇ ਕਮਰੇ ਵਿੱਚ ਵੇਖਿਆ ਜਾ ਸਕਦਾ ਹੈ (ਰਸੂਲ 1:14)।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੱਤ੍ਰੀ ਲਗਭਗ 60-80 ਈ. ਦੇ ਵਿਚਕਾਰ ਲਿਖੀ ਗਈ।

ਯਹੂਦਾਹ ਦੀ ਪੱਤ੍ਰੀ ਨੂੰ ਲਿਖੇ ਜਾਣ ਦੇ ਸਥਾਨ ਦਾ ਅੰਦਾਜ਼ਾ ਅਲੇਕਜ਼ੈਨਡਰਿਆ ਤੋਂ ਲੈ ਕੇ ਰੋਮ ਤੱਕ ਲਾਇਆ ਜਾਂਦਾ ਹੈ।

ਪ੍ਰਾਪਤ ਕਰਤਾ

ਇੱਕ ਆਮ ਵਾਕ, “ਉਨ੍ਹਾਂ ਲਈ ਜਿਨ੍ਹਾਂ ਨੂੰ ਪਿਤਾ ਪਰਮੇਸ਼ੁਰ ਦੁਆਰਾ ਪਵਿੱਤਰ ਕੀਤਾ ਗਿਆ ਹੈ ਅਤੇ ਯਿਸੂ ਮਸੀਹ ਵਿੱਚ ਬਚਾਇਆ ਗਿਆ ਹੈ, ਅਤੇ ਬੁਲਾਇਆ ਗਿਆ ਹੈ,“ ਸਾਰੇ ਈਸਾਈਆਂ ਵੱਲ ਸੰਕੇਤ ਕਰਦਾ ਹੈ; ਫਿਰ ਵੀ, ਝੂਠੇ ਸਿੱਖਿਅਕਾਂ ਲਈ ਉਸ ਦੇ ਸੰਦੇਸ਼ ਨੂੰ ਵੇਖਦਿਆਂ ਹੋਇਆਂ, ਇਹ ਕਿਹਾ ਜਾ ਸਕਦਾ ਹੈ ਕਿ ਉਹ ਕਿਸੇ ਖਾਸ ਸਮੂਹ ਦੀ ਬਜਾਏ ਸਾਰੇ ਝੂਠੇ ਸਿੱਖਿਅਕਾਂ ਨੂੰ ਸੰਬੋਧਿਤ ਕਰ ਰਿਹਾ ਸੀ।

ਉਦੇਸ਼

ਯਹੂਦਾਹ ਨੇ ਇਸ ਪੱਤ੍ਰੀ ਨੂੰ ਇਸ ਉਦੇਸ਼ ਨਾਲ ਲਿਖਿਆ ਕਿ ਕਲੀਸਿਯਾ ਨੂੰ ਯਾਦ ਦਿਲਾ ਸਕੇ ਕਿ ਉਨ੍ਹਾਂ ਨੂੰ ਆਪਣੀ ਨਿਹਚਾ ਵਿੱਚ ਤਕੜੇ ਰਹਿਣ ਅਤੇ ਝੂਠੀ-ਸਿੱਖਿਆ ਦਾ ਵਿਰੋਧ ਕਰਨ ਲਈ ਲਗਾਤਾਰ ਚੌਕਸ ਰਹਿਣ ਦੀ ਲੋੜ ਹੈ। ਉਹ ਹਰ ਜਗ੍ਹਾ ਰਹਿਣ ਵਾਲੇ ਇਸਾਈਆਂ ਨੂੰ ਕੁਝ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਉਹ ਝੂਠੀਆਂ ਸਿੱਖਿਆਵਾਂ ਦੇ ਖ਼ਤਰਿਆਂ ਨੂੰ ਪਛਾਣਨ, ਆਪਣੇ ਆਪ ਦੀ ਅਤੇ ਦੂਜੇ ਵਿਸ਼ਵਾਸੀਆਂ ਦੀ ਰਾਖੀ ਕਰਨ, ਅਤੇ ਜਿਹੜੇ ਪਹਿਲਾਂ ਹੀ ਧੋਖਾ ਖਾ ਚੁੱਕੇ ਸਨ, ਉਨ੍ਹਾਂ ਨੂੰ ਵਾਪਸ ਜਿੱਤਣ। ਯਹੂਦਾਹ ਅਜਿਹੇ ਈਸ਼ਵਰ-ਰਹਿਤ ਸਿੱਖਿਅਕਾਂ ਦੇ ਵਿਰੁੱਧ ਲਿਖ ਰਿਹਾ ਸੀ, ਜੋ ਇਹ ਸਿਖਾ ਰਹੇ ਸਨ ਕਿ ਇਸਾਈ ਲੋਕ ਪਰਮੇਸ਼ੁਰ ਦੀ ਸਜ਼ਾ ਦੇ ਡਰ ਤੋਂ ਬਗੈਰ, ਜੋ ਕੁਝ ਚਾਹੁਣ ਉਹ ਕਰ ਸਕਦੇ ਹਨ।

ਵਿਸ਼ਾ-ਵਸਤੂ

ਵਿਸ਼ਵਾਸ ਲਈ ਲੜਾਈ

ਰੂਪ-ਰੇਖਾ

1. ਜਾਣ-ਪਛਾਣ — 1:1-2

2. ਝੂਠੇ ਸਿੱਖਿਅਕਾਂ ਦਾ ਵਰਣਨ ਅਤੇ ਉਨ੍ਹਾਂ ਦਾ ਭਵਿੱਖ — 1: 3-16

3. ਮਸੀਹ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨਾ — 1:17-25