ਕੁਲੁੱਸੀਆਂ ਨੂੰ
ਲੇਖਕ
ਕੁਲੁੱਸੀਆਂ ਨੂੰ ਸੰਪੂਰਨ ਰੂਪ ਵਿੱਚ ਪੌਲੁਸ ਦੀ ਪੱਤ੍ਰੀ ਹੈ (1:1)। ਮੁਢਲੀ ਕਲੀਸਿਯਾ ਵਿੱਚ, ਲੇਖਕ ਦੇ ਵਿਸ਼ੇ ਤੇ ਬੋਲਣ ਵਾਲੇ ਸਾਰੇ ਲੋਕ ਇਸ ਨੂੰ ਪੌਲੁਸ ਦੀ ਪੱਤ੍ਰੀ ਦੱਸਦੇ ਹਨ। ਕੁਲੁੱਸੈ ਵਿੱਚ ਕਲੀਸਿਯਾ ਦੀ ਸਥਾਪਨਾ ਪੌਲੁਸ ਦੁਆਰਾ ਨਹੀਂ ਕੀਤੀ ਗਈ ਸੀ। ਪੌਲੁਸ ਦੇ ਸਹਿਕਰਮੀਆਂ ਵਿੱਚੋਂ ਇੱਕ, ਸ਼ਾਇਦ ਇਪਫ਼ਰਾਸ, ਨੇ ਸਭ ਤੋਂ ਪਹਿਲਾਂ ਕੁਲੁੱਸੈ ਵਿੱਚ ਇੰਜੀਲ ਦਾ ਪ੍ਰਚਾਰ ਕੀਤਾ (4:12, 13)। ਝੂਠੇ ਸਿੱਖਿਅਕ ਇੱਕ ਅਜੀਬ ਅਤੇ ਨਵੇਂ ਸਿਧਾਂਤ ਦੇ ਨਾਲ ਕੁਲੁੱਸੈ ਵਿੱਚ ਆ ਗਏ ਸਨ। ਉਨ੍ਹਾਂ ਨੇ ਸੰਸਾਰਿਕ ਗਿਆਨ ਅਤੇ ਯਹੂਦੀ ਧਰਮ ਨੂੰ ਮਸੀਹਤ ਨਾਲ ਮਿਲਾ ਦਿੱਤਾ ਸੀ। ਪੌਲੁਸ ਨੇ ਇਨ੍ਹਾਂ ਝੂਠੀਆਂ ਸਿੱਖਿਆਵਾਂ ਦਾ ਵਿਰੋਧ ਕੀਤਾ, ਇਹ ਸਾਬਤ ਕਰਕੇ ਕਿ ਮਸੀਹ ਹੀ ਸਭ ਕੁਝ ਤੋਂ ਉੱਪਰ ਹੈ। ਕੁਲੁੱਸੀਆਂ ਨੂੰ ਨਵੇਂ ਨੇਮ ਦੀ ਸਭ ਤੋਂ ਜ਼ਿਆਦਾ ਮਸੀਹ ਕੇਂਦਰਿਤ ਪੱਤ੍ਰੀ ਕਿਹਾ ਗਿਆ ਹੈ। ਇਹ ਦੱਸਦੀ ਹੈ ਕਿ ਯਿਸੂ ਮਸੀਹ ਸਭਨਾਂ ਵਸਤਾਂ ਦੇ ਉੱਪਰ ਮੁਖੀ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 60 ਈ. ਦੇ ਵਿਚਕਾਰ ਲਿਖੀ ਗਈ।
ਹੋ ਸਕਦਾ ਹੈ ਪੌਲੁਸ ਨੇ ਰੋਮ ਵਿੱਚ ਆਪਣੀ ਪਹਿਲੀ ਕੈਦ ਦੇ ਦੌਰਾਨ ਇਸ ਨੂੰ ਲਿਖਿਆ।
ਪ੍ਰਾਪਤ ਕਰਤਾ
ਪੌਲੁਸ ਨੇ ਇਹ ਪੱਤ੍ਰੀ ਕੁਲੁੱਸੈ ਦੀ ਕਲੀਸਿਯਾ ਨੂੰ ਸੰਬੋਧਿਤ ਕਰਕੇ ਲਿਖੀ, ਕਿਉਂਕਿ ਜਿਵੇਂ ਲਿਖਿਆ ਹੈ, “ਅੱਗੇ ਯੋਗ ਉਨ੍ਹਾਂ ਸੰਤਾਂ ਨੂੰ ਜਿਹੜੇ ਕੁਲੁੱਸੈ ਦੇ ਵਾਸੀ ਅਤੇ ਮਸੀਹ ਵਿੱਚ ਵਿਸ਼ਵਾਸਯੋਗ ਭਰਾ ਹਨ” (1:1-2), ਇਹ ਕਲੀਸਿਯਾ ਅਫ਼ਸੁਸ ਤੋਂ ਸੌ ਮੀਲ ਦੂਰੀ ਤੇ ਲਾਇਕਸ ਦੀ ਘਾਟੀ ਦੇ ਵਿਚਕਾਰ ਵੱਸੀ ਹੋਈ ਸੀ। ਰਸੂਲ ਪੌਲੁਸ ਕਦੇ ਵੀ ਇਸ ਕਲੀਸਿਯਾ ਵਿੱਚ ਨਹੀਂ ਗਿਆ ਸੀ (1:4; 2:1)।
ਉਦੇਸ਼
ਪੌਲੁਸ ਨੇ ਕੁਲੁੱਸੈ ਵਿੱਚ ਉੱਠ ਖੜ੍ਹੇ ਹੋਏ ਖ਼ਤਰਨਾਕ ਪਾਖੰਡ (ਗਲਤ ਸਿੱਖਿਆਵਾਂ) ਦੇ ਬਾਰੇ ਸਲਾਹ ਦੇਣ ਲਈ ਇਸ ਪੱਤ੍ਰੀ ਨੂੰ ਲਿਖਿਆ, ਅਤੇ ਸਾਰੀ ਸ੍ਰਿਸ਼ਟੀ ਉੱਤੇ ਮਸੀਹ ਦੀ ਸੰਪੂਰਣ, ਸਿੱਧੀ ਅਤੇ ਨਿਰੰਤਰ ਬਣੀ ਰਹਿਣ ਵਾਲੀ ਸਰਵ ਉੱਚਤਾ ਦਾ ਦਾਅਵਾ ਕਰਕੇ ਝੂਠੀ ਸਿੱਖਿਆ ਸੰਬੰਧੀ ਮੁੱਦਿਆਂ ਦਾ ਜਵਾਬ ਦੇਣ ਲਈ (1:15; 3:4), ਆਪਣੇ ਪਾਠਕਾਂ ਨੂੰ ਉਤਸ਼ਾਹਿਤ ਕਰਨ ਲਈ ਕਿ ਉਹ ਸਾਰੀ ਸ੍ਰਿਸ਼ਟੀ ਉੱਤੇ ਮਸੀਹ ਦੀ ਸਰਵ ਉੱਚਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜੀਵਨ ਬਿਤਾਉਣ (3:5; 4: 6), ਅਤੇ ਝੂਠੇ ਸਿੱਖਿਅਕਾਂ ਦੇ ਖ਼ਤਰੇ ਦਾ ਸਾਹਮਣਾ ਕਰਦੇ ਹੋਏ, ਕਲੀਸਿਯਾ ਨੂੰ ਆਪਣੇ ਮਸੀਹੀ ਜੀਵਨ ਅਤੇ ਆਪਣੇ ਵਿਸ਼ਵਾਸ ਵਿੱਚ ਸਥਿਰ ਰਹਿਣ ਲਈ ਉਤਸ਼ਾਹਿਤ ਕਰਨ ਲਈ ਇਹ ਪੱਤ੍ਰੀ ਲਿਖੀ (2:2-5)।
ਵਿਸ਼ਾ-ਵਸਤੂ
ਮਸੀਹ ਦੀ ਸਰਬ-ਉੱਚਤਾ
ਰੂਪ-ਰੇਖਾ
1. ਪੌਲੁਸ ਦਾ ਨਮਸਕਾਰ ਅਤੇ ਪ੍ਰਾਰਥਨਾ — 1:3-14
2. ਮਸੀਹ ਦੇ ਵਿਅਕਤੀਤਵ ਲਈ ਪੌਲੁਸ ਦੇ ਸਿਧਾਂਤ — 1:15-23
3. ਪਰਮੇਸ਼ੁਰ ਦੀ ਯੋਜਨਾ ਅਤੇ ਉਦੇਸ਼ ਵਿੱਚ ਪੌਲੁਸ ਦੀ ਭੂਮਿਕਾ — 1:24-2: 5
4. ਗਲਤ ਸਿੱਖਿਆ ਦੇ ਵਿਰੁੱਧ ਚੇਤਾਵਨੀ — 2:6-15
5. ਖ਼ਤਰਨਾਕ ਪਾਖੰਡ ਨਾਲ ਪੌਲੁਸ ਦਾ ਸਾਹਮਣਾ — 2:16-3:
6. ਮਸੀਹ ਵਿੱਚ ਨਵੇਂ ਮਨੁੱਖ ਦਾ ਵਰਣਨ — 3:5-25
7. ਪ੍ਰਸ਼ੰਸਾ ਅਤੇ ਆਖਰੀ ਨਮਸਕਾਰ — 4:1-18